ਤੁਹਾਡੇ ਟੀਕਾਕਰਨ ਤੋਂ ਪਹਿਲਾਂ

ਅੱਗੇ ਦਿੱਤੀ ਜਾਣਕਾਰੀ ਇਸ ਵੈੱਬਸਾਈਟ ਲਈ ਡਾਕਟਰੀ ਪੇਸ਼ੇਵਰਾਂ ਅਤੇ ਜਨਤਕ ਸਿਹਤ ਮਾਹਰਾਂ ਦੁਆਰਾ ਕੈਨੇਡੀਅਨ ਸਰਕਾਰ ਅਤੇ ਹੋਰ ਵਿਗਿਆਨਕ ਅਤੇ ਡਾਕਟਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਵਿਕਸਿਤ ਕੀਤੀ ਗਈ ਸੀ। ਇਹ ਡਾਕਟਰੀ ਸਲਾਹ ਦੇ ਇਰਾਦੇ ਨਾਲ ਨਹੀਂ ਹੈ। ਕੋਵਿਡ-19 ਟੀਕੇ ਬਾਰੇ ਆਪਣੇ ਕਿਸੇ ਸਵਾਲਾਂ ਦੇ ਨਾਲ ਹਮੇਸ਼ਾਂ ਕਿਸੇ ਯੋਗਤਾ ਪ੍ਰਾਪਤ ਸਿਹਤ ਸੰਭਾਲ ਪ੍ਰਦਾਤਾ ਦੀ ਸਲਾਹ ਲਓ।

ਹਾਂ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ, ਉਹਨਾਂ ਨੂੰ ਵੀ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਚਾਹੀਦੀਆਂ ਹਨ। ਮਾਹਰ ਹਾਲੇ ਤੱਕ ਇਹ ਨਹੀਂ ਜਾਣਦੇ ਕਿ ਤੁਸੀਂ ਇੱਕ ਵਾਰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ, ਦੁਬਾਰਾ ਬਿਮਾਰ ਹੋਣ ਤੋਂ ਕਿੰਨੀ ਦੇਰ ਤੱਕ ਸੁਰੱਖਿਅਤ ਰਹਿੰਦੇ ਹੋ। ਟੀਕਾਕਰਨ ਬਿਮਾਰੀ ਦਾ ਅਨੁਭਵ ਕੀਤੇ ਬਿਨਾਂ ਐਂਟੀਬਾਡੀ ਪ੍ਰਤਿਕਿਰਿਆ ਪੈਦਾ ਕਰਕੇ ਤੁਹਾਡੀ ਰੱਖਿਆ ਕਰਨ ਵਿੱਚ ਸਹਾਇਤਾ ਕਰੇਗਾ।

ਜੇ ਤੁਹਾਨੂੰ ਹਾਲ ਹੀ ਵਿੱਚ ਕੋਵਿਡ-19 ਹੋਇਆ ਸੀ, ਤਾਂ ਟੀਕਾ ਪ੍ਰਾਪਤ ਕਰਨ ਤੋਂ ਪਹਿਲਾਂ ਤੁਹਾਨੂੰ ਉਦੋਂ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਤੁਸੀਂ ਬਿਹਤਰ ਮਹਿਸੂਸ ਨਹੀਂ ਕਰਦੇ ਅਤੇ ਤੁਹਾਡੀ ਸਵੈ-ਇਕੱਲਤਾ ਦੀ ਮਿਆਦ ਖ਼ਤਮ ਨਹੀਂ ਹੋ ਜਾਂਦੀ ਹੈ।

ਜੇ ਤੁਹਾਨੂੰ ਆਪਣੀ ਪਹਿਲੀ ਖੁਰਾਕ ਵਜੋਂ mRNA ਟੀਕਾ (Pfizer-BioNTech ਜਾਂ Moderna) ਮਿਲਿਆ ਹੈ, ਤਾਂ ਤੁਹਾਨੂੰ ਦੂਜੀ ਖੁਰਾਕ ਵਜੋਂ ਇੱਕ mRNA ਟੀਕਾ ਦਿੱਤਾ ਜਾਵੇਗਾ। ਇਹ ਤਰਜੀਹ ਦਿੱਤੀ ਜਾਂਦੀ ਹੈ ਕਿ ਤੁਸੀਂ ਉਸੇ ਕਿਸਮ ਦਾ ਟੀਕਾ ਲਗਵਾਓ ਜੋ ਤੁਸੀਂ ਪਹਿਲਾਂ ਲਗਵਾਇਆ ਸੀ, ਜੇ ਉਹ ਟੀਕਾ ਅਸਾਨੀ ਨਾਲ ਉਪਲਬਧ ਨਹੀਂ ਹੈ ਜਾਂ ਤੁਹਾਨੂੰ ਨਹੀਂ ਪਤਾ ਕਿ ਉਹ ਟੀਕਾ ਕਿਹੜਾ ਸੀ, ਤਾਂ ਅਜਿਹੀ ਸਥਿਤੀ ਵਿੱਚ ਦੂਜੀ ਕਿਸਮ ਦਾ mRNA ਟੀਕਾ ਲਗਵਾਉਣਾ ਠੀਕ ਹੈ। ਦੋਵੇਂ ਟੀਕੇ ਬਰਾਬਰ ਸੁਰੱਖਿਅਤ ਅਤੇ ਅਸਰਦਾਰ ਹਨ।

ਜੇ ਤੁਹਾਨੂੰ ਆਪਣੀ ਪਹਿਲੀ ਖੁਰਾਕ ਵਜੋਂ AstraZeneca ਮਿਲਿਆ ਸੀ, ਤਾਂ ਤੁਸੀਂ ਆਪਣੀ ਦੂਜੀ ਖੁਰਾਕ ਵਜੋਂ AstraZeneca ਲਗਵਾਉਣ ਦੀ ਚੋਣ ਕਰ ਸਕਦੇ ਹੋ, ਪਰ NACI ਹੁਣ ਇਹ ਸਿਫ਼ਾਰਿਸ਼ ਕਰ ਰਿਹਾ ਹੈ ਕਿ ਤੁਸੀਂ ਆਪਣੀ ਦੂਜੀ ਖੁਰਾਕ ਲਈ ਇੱਕ mRNA ਟੀਕਾ ਲਗਵਾਓ।

ਕੈਨੇਡਾ ਵਿੱਚ ਵਰਤੋਂ ਲਈ ਮਨਜ਼ੂਰ ਕੀਤੇ ਸਾਰੇ ਟੀਕੇ ਬਰਾਬਰ ਅਤੇ ਅਸਰਦਾਰ ਢੰਗ ਨਾਲ ਹਸਪਤਾਲ ਵਿੱਚ ਦਾਖਲੇ ਅਤੇ ਗੰਭੀਰ ਬਿਮਾਰੀ ਨੂੰ ਘਟਾਉਂਦੇ ਹਨ, ਅਤੇ ਇਹ ਸਾਰੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਲਗਭਗ 100% ਪ੍ਰਭਾਵਸ਼ਾਲੀ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਪੂਰੀ ਸੁਰੱਖਿਆ ਲਈ ਟੀਕੇ ਦੀਆਂ ਦੋ ਖੁਰਾਕਾਂ ਲਗਵਾਉਣ ਲਈ ਉਡੀਕ ਨਹੀਂ ਕਰਨੀ ਚਾਹੀਦੀ। ਵਾਇਰਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ ਜੋ ਕਿ ਵੱਧ ਮਾਮਲਿਆਂ, ਹਸਪਤਾਲ ਵਿੱਚ ਦਾਖਲਿਆਂ ਅਤੇ ਮੌਤ ਦਾ ਕਾਰਨ ਬਣ ਰਹੇ ਹਨ, ਅਤੇ ਇਸ ਨੂੰ ਰੋਕਣ ਲਈ ਵਿਆਪਕ ਟੀਕਾਕਰਨ ਇੱਕੋ-ਇੱਕ ਰਸਤਾ ਹੈ।

ਹਰ ਕੋਈ, ਜੋ ਟੀਕਾ ਪ੍ਰਾਪਤ ਕਰਦਾ ਹੈ, ਨੂੰ ਹਾਲੇ ਵੀ ਜਨਤਕ ਸਿਹਤ ਸੇਧਾਂ ਦੀ ਪਾਲਣਾ ਕਰਨ ਦੀ ਲੋੜ ਹੋਏਗੀ। ਤੁਹਾਡੇ ਦੁਆਰਾ ਟੀਕਾ ਲਗਵਾਉਣ ਤੋਂ ਬਾਅਦ, ਹਾਲੇ ਵੀ ਆਪਣੇ ਹੱਥ ਧੋਣ, ਸੁਰੱਖਿਅਤ ਸਰੀਰਕ ਦੂਰੀ ਬਣਾਈ ਰੱਖਣ, ਮਾਸਕ ਪਾਉਣ, ਅਤੇ ਬੀਮਾਰ ਹੋਣ ‘ਤੇ ਘਰ ਰਹਿਣ ਸਮੇਤ, ਬਚਾਅ ਉਪਾਵਾਂ ਦਾ ਅਭਿਆਸ ਕਰਨਾ ਜਾਰੀ ਰੱਖਣਾ ਬਹੁਤ ਮਹੱਤਵਪੂਰਨ ਹੋਵੇਗਾ। ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਇਹ ਮਹੱਤਵਪੂਰਨ ਹੈ:
ਤੁਹਾਡੇ ਸਰੀਰ ਨੂੰ ਕੋਵਿਡ-19 ਟੀਕੇ ਤੋਂ ਸੁਰੱਖਿਆ ਪ੍ਰਾਪਤ ਕਰਨ ਵਿੱਚ ਘੱਟੋ-ਘੱਟ ਦੋ ਹਫ਼ਤਿਆਂ ਦਾ ਸਮਾਂ ਲਗਦਾ ਹੈ। ਇਸਦਾ ਅਰਥ ਇਹ ਹੈ ਕਿ ਜੇ ਤੁਸੀਂ ਟੀਕਾ ਲਗਵਾਉਣ ਤੋਂ ਪਹਿਲਾਂ, ਜਾਂ ਟੀਕਾ ਲੱਗਣ ਤੋਂ ਬਾਅਦ ਦੋ-ਹਫ਼ਤਿਆਂ ਦੇ ਅੰਦਰ, ਕੋਵਿਡ-19 ਦੇ ਸੰਪਰਕ ਵਿੱਚ ਆਏ ਹੋ, ਤਾਂ ਵੀ ਤੁਸੀਂ ਕੋਵਿਡ-19 ਤੋਂ ਬਿਮਾਰ ਹੋ ਸਕਦੇ ਹੋ। ਇਸ ਲਈ ਜੇ ਤੁਸੀਂ ਟੀਕਾ ਲਗਵਾਉਣ ਤੋਂ ਬਾਅਦ ਕੋਵਿਡ-19 ਦੇ ਲੱਛਣਾਂ ਦਾ ਅਨੁਭਵ ਕਰਦੇ ਹੋ, ਤਾਂ ਟੈਸਟ ਕਰਵਾਓ।
ਟੀਕਾ ਹਰ ਕਿਸੇ ਨੂੰ ਕੋਵਿਡ-19 ਹੋਣ ਤੋਂ ਨਹੀਂ ਰੋਕਦਾ। ਉਹਨਾਂ ਲਈ ਜਿਨ੍ਹਾਂ ਵਿੱਚ ਵਾਇਰਸ ਆ ਜਾਂਦਾ ਹੈ, ਇਸਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿ ਤੁਸੀਂ ਗੰਭੀਰ ਬਿਮਾਰੀ ਨੂੰ ਅਨੁਭਵ ਕਰੋ।
ਉਪਲਬਧ ਟੀਕੇ ਬਹੁਤ ਪ੍ਰਭਾਵਸ਼ਾਲੀ ਹਨ, ਪਰ ਤੁਸੀਂ ਉਹਨਾਂ ਬਹੁਤ ਘੱਟ ਲੋਕਾਂ ਵਿੱਚ ਹੋ ਸਕਦੇ ਹੋ ਜਿਨ੍ਹਾਂ ਅੰਦਰ ਪ੍ਰਤੀਰੱਖਿਆ ਨਹੀਂ ਹੈ। ਜੇ ਤੁਸੀਂ ਨੇੜਲੇ ਲੋਕਾਂ ਨਾਲ ਅੰਤਰ-ਕਿਰਿਆ ਕਰਦੇ ਹੋ ਜਾਂ ਜਨਤਕ ਸਿਹਤ ਦੇ ਉਪਾਵਾਂ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਹਾਲੇ ਵੀ ਤੁਸੀਂ ਕੋਵਿਡ-19 ਫੈਲਾ ਸਕਦੇ ਹੋ।

ਨਹੀਂ, ਕੋਵਿਡ-19 ਟੀਕਾ ਪ੍ਰਾਪਤ ਕਰਨਾ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਕੋਵਿਡ-19 ਟੀਕਾ ਪ੍ਰਾਪਤ ਕਰਨਾ ਹੈ ਜਾਂ ਨਹੀਂ ਇਹ ਤੁਹਾਡੀ ਚੋਣ ਹੈ।

ਕੈਨੇਡਾ ਦੇ ਸਾਰੇ ਵਸਨੀਕ, ਭਾਵੇਂ ਇਮੀਗ੍ਰੇਸ਼ਨ ਸਥਿਤੀ ਕੋਈ ਵੀ ਹੋਵੇ, ਕੋਵਿਡ-19 ਟੀਕੇ ਲਈ ਯੋਗ ਹਨ। ਤੁਹਾਨੂੰ ਕਿਸੇ ਵੈਧ PHN ਦੀ ਲੋੜ ਨਹੀਂ ਹੈ। ਇਸ ਵੇਲੇ, ਸਿਰਫ 18 ਸਾਲ ਅਤੇ ਵੱਧ ਉਮਰ ਦੇ ਵਿਅਕਤੀ ਹੀ Moderna, AstraZeneca ਅਤੇ Johnson & Johnson ਟੀਕੇ ਪ੍ਰਾਪਤ ਕਰ ਸਕਦੇ ਹਨ। 12 ਸਾਲ ਅਤੇ ਵੱਧ ਉਮਰ ਦੇ ਵਿਅਕਤੀ Pfizer-BioNTech ਟੀਕਾ ਪ੍ਰਾਪਤ ਕਰ ਸਕਦੇ ਹਨ।